Tuesday, 25 October 2011
Sunday, 4 September 2011
ਮੈਂ ਅਪਣੀ ਉਮਰ
ਮੈਂ ਅਪਣੀ ਉਮਰ ਅਪਣੇ ਹੱਥੀਂ ਸੂਲੀ `ਤੇ ਚੜ੍ਹਾ ਆਇਆਂ
ਤੇ ਉਸਦੀ ਲਾਸ਼ ਉੱਤੇ ਜਿੰਦਗੀ ਦਾ ਪਹਿਰਾ ਲਾ ਆਇਆਂ
ਮੈਂ ਮੋਏ ਸ਼ਹਿਰ ਦੀ ਹਰ ਕਬਰ ਨੂੰ ਉੱਡਣਾ ਸਿਖਾ ਆਇਆਂ
ਕਿ ਹਰ ਇੱਕ ਬਸ਼ਰ ਮੱਥੇ ਖੰਭਾਂ ਦਾ ਟਿੱਕਾ ਲਗਾ ਆਇਆਂ
ਜਗਾਉਂਦਾ ਦੀਪ ਤਾਂ ਗੱਲ ਸੀ ਵਿਛਾਉਂਦਾ ਪਲਕਾਂ ਤਾਂ ਗੱਲ ਸੀ
ਮੈਂ ਅਪਣੇ ਬਲਦੇ ਹੱਥ ਹੀ ਓਸਦੇ ਰਾਹੀਂ ਵਿਛਾ ਆਇਆਂ
ਅਵਾਰਾ ਵਕਤ ਦੇ ਪਹੀਏ ਨੇ ਮੈਨੂੰ ਕੁਚਲ ਜਾਣਾ ਸੀ
ਮੈਂ ਉਸਦੇ ਸਾਰੇ ਰਾਹੀਂ ਅੱਗ ਦੇ ਦਰਿਆ ਵਗਾ ਆਇਆਂ
ਉਹ ਸੁੱਕੀ ਝੀਲ ਮੋਈਆਂ ਮੱਛੀਆਂ ਦੀ ਕਬਰਗਾਹ ਤਾਂ ਸੀ
ਮੈਂ ਪਾ ਕੇ ਖੈਰ ਹੰਝੂਆਂ ਦਾ ਉਹਨੂੰ ਸਾਗਰ ਬਣਾ ਆਇਆਂ
ਪਰੇ ਤਕ ਸੁੰਨ ਮਸੁੰਨੇ ਰਾਹ ਇਹ ਖੰਜਰ ਵਰਗਾ ਇਕਲਾਪਾ
ਮੈਂ ਏਨਾ ਡਰ ਗਿਆ ਕਿ ਨਜ਼ਰ ਚੋਂ ਦੂਰੀ ਮੁਕਾ ਆਇਆਂ
ਮੈਂ ਵਗਦੇ ਪਾਣੀਆਂ ਤੋਂ ਮੰਗਾਂ ਅਪਣੀ ਕਾਗਜੀ ਕਿਸ਼ਤੀ
ਬੜਾਂ ਹੀ ਨਫਰਤੀ ਹਾਂ ਲਹਿਰਾਂ ਨੂੰ ਦੋਸ਼ੀ ਬਣਾ ਆਇਆਂ
ਪਤਾ ਨਈਂ ਫੇਰ ਕਦ ਮਿਲਣਾ, ਕਿ ਮਿਲਣਾ ਵੀ ਕਿ ਨਈਂ ਮਿਲਣਾ
ਮੈਂ ਤੇਰੇ ਜਾਣ ਮਗਰੋਂ ਸਾਰੇ ਹੀ ਅੱਥਰੂ ਵਹਾ ਆਇਆਂ
ਹੁਣੇ ਤੱਕਣਾ ਕਿ ਕੱਕੀ ਰੇਤ ਨੂੰ ਚੁੰਮੇਗਾ ਉਠ ਦਰਿਆ
ਮੈਂ ਤਿੱਖੀ ਪਿਆਸ ਅਪਣੀ ਰੇਤ ਦੇ ਸੀਨੇ ਛੁਪਾ ਆਇਆਂ
Monday, 11 July 2011
ਸਿਖਰ ਦੁਪਹਿਰਾ
ਸਿਖਰ ਦੁਪਹਿਰਾ ਥਲ ਦਾ ਪੈਂਡਾ ਚਲ ਕਰੀਏ ਅਰਦਾਸ।
ਸ਼ਾਮ ਦੇ ਨਖਲਿਸਤਾਨ ਤੋਂ ਪਹਿਲਾਂ ਮਰ ਨਾ ਜਾਏ ਪਿਆਸ।
ਆਪੋ ਅਪਣੀ ਚਾਹ ਹੁੰਦੀ ਹੈ ਅਪਣੀ ਰੀਝ ਪਸੰਦ,
ਮੈਂ ਜਿੰਨ੍ਹਾਂ ਨੂੰ ਆਮ ਸਮਝਨਾਂ ਲੋਕੀਂ ਸਮਝਣ ਖਾਸ।
ਬੇਘਰ ਹੋਏ ਲੋਕ ਹੀ ਜਾਨਣ ਅਪਣੇ ਘਰਾਂ ਦਾ ਮੁੱਲ,
ਬੇਘਰ ਹੋਏ ਲੋਕ ਹੀ ਜਾਨਣ ਅਪਣੇ ਘਰਾਂ ਦਾ ਮੁੱਲ,
ਵਤਨ ਦਾ ਮੁੱਲ ਉਹਨਾਂ ਤੋਂ ਪੁੱਛੋ ਜੋ ਕਰ ਗਏ ਪਰਵਾਸ।
ਬਸ਼ਰ ਗਰੀਬ ਨੂੰ ਸਭ ਤੋਂ ਵੱਡਾ ਮਿਲਦਾ ਲਕਬ ਸ਼ਰੀਫ,
ਜਦ ਤਕ ਬਸ਼ਰ ਗਰੀਬ ਹੈ ਤਦ ਤਕ ਬਣ ਨਾ ਸਕਦਾ ਖਾਸ।
ਮੈਂ ਪੁੱਛਿਆ ਜਦ ਬਸਤੀ ਬਾਰੇ ਆਖਿਆ ਇੰਝ ਫ਼ਕੀਰ,
“ ਬੰਦੇ ਵਿੱਚੋਂ ਮਿਲ ਚੁੱਕਾ ਹੈ ਬੰਦੇ ਨੂੰ ਬਨਬਾਸ । ”
ਮੇਰੇ ਕੋਲ ਨੇ ਤਿੰਨ ਸੁਗਾਤਾਂ ਦਰਦ, ਵਫਾ, ਈਮਾਨ,
ਰੱਬਾ, ਕਾਹਦਾ ਰੱਬ ਹੈ ਤੂੰ, ਦਸ ਕੀ ਹੈ ਤੇਰੇ ਪਾਸ ?
ਘੁੱਗੀ ਦੀ ਅੱਖ ਵਿੱਚ ਸਦੀਵੀ ਵਸ ਚੁੱਕਾ ਹੈ ਬਾਜ਼,
ਸੁਪਨੇ ਵਿਚ ਵੀ ਸੌਣ ਨਾ ਦੇਵੇ ਮੌਤ ਦਾ ਖੌਫ-ਤ੍ਰਾਸ।
ਸੁਕ ਚੁੱਕੀ ਇਸ ਨਦੀ ਦੀ ਰੇਤਾ ਬਣ ਜਾਣੀ ਜਲ-ਧਾਰ,
ਅਪਣੀ ਆਸ ਨੂੰ ਸਾਂਭ ਕੇ ਰਖ ਤੂੰ, ਸਾਂਭ ਕੇ ਰੱਖ ਪਿਆਸ।
ਕਾਹਨੂੰ ਕੁਟਨੈਂ ਤੂੰ ਸਰਹੱਦੀ ਸ਼ਬਦਾਂ ਦੀ ਮਿਰਦੰਗ,
ਸ਼ਬਦਾਂ ਵਿੱਚੋਂ ਕਰ ਚੁੱਕੇ ਨੇ ਅਰਥ ਹੀ ਜਦ ਪਰਵਾਸ।
ਬੜਾ ਨਿੱਕਾ ਜਿਹਾ ਜੁਗਨੂੰ
ਬੜਾ ਨਿੱਕਾ ਜਿਹਾ ਜੁਗਨੂੰ ਕੀ ਹਸਤੀ ਏਸ ਦੀ ਹੈ।
ਤਾਂ ਫਿਰ ਜੁਗਨੂੰ ਦੇ ਨਾਂ `ਤੇ ਨ੍ਹੇਰ ਵਿਚ ਕਿਉਂ ਖਲਬਲੀ ਹੈ।
ਸ਼ਿਕਾਰੀ ਜਾਣਦੇ ਨੇ ਭੁੱਖ ਵਿਚ ਹੀ ਬੇਬਸੀ ਹੈ,
ਕਿ ਚੰਚਲਹਾਰੀ ਮਛਲੀ ਕੁੰਡੀ ਤਕ ਕਿੰਝ ਪਹੁੰਚਦੀ ਹੈ।
ਮੁੰਡੇ ਚੰਨ ਤਾਰੇ ਦਿੰਦੇ ਨੇ, ਉਹ ਰੋਟੀ ਮੰਗਦੀ ਹੈ,
ਮੁੰਡੇ ਹੈਰਾਨ ਹਨ ਇਹ ਕਿਸ ਤਰਾਂ ਦੀ ਮੰਗਤੀ ਹੈ ?
ਹਰਿਕ ਵਸਤੂ, ਪ੍ਰਾਣੀ, ਫਲਸਫੇ ਦੇ ਨਿਯਮ ਵਖਰੇ,
ਸੂਈ ਨੇ ਜੋੜਨਾ ਹੁੰਦੈ ਤੇ ਕੈਂਚੀ ਕੱਟਦੀ ਹੈ।
ਬਜਾਤੇ ਖੁਦ ਤਾਂ ਕਲਗੀ ਕਲਗੀਧਰ ਪੈਦਾ ਨਈਂ ਕਰਦੀ,
ਉਵੇਂ ਤਾਂ ਕੁੱਕੜਾਂ ਦੇ ਸਿਰ ਵੀ ਕਲਗੀ ਉੱਗਦੀ ਹੈ।
ਚੁਪਾਸੇ ਡਰ, ਧੂੰਆਂ, ਅੰਧਕਾਰ, ਚੀਖਾਂ ਦਹਿਸ਼ਤੀ ਰਾਹ,
ਕਿ ਦਸਵੇਂ ਦੁਆਰ ਦੀ ਵੀ ਖੂਨ ਵਿਚ ਲਥਪਥ ਗਲੀ ਹੈ।
ਹਵਾ ਤੱਤੀ ਜ਼ਮਾਨੇ ਦੀ ਨੀ ਕੰਜਕੇ ਚੂਸ ਜੂਗੀ,
ਤੇਰੇ ਜੋ ਬੁੱਲ੍ਹਾਂ ਉੱਤੇ ਤ੍ਰੇਲ ਵਰਗੀ ਤਾਜ਼ਗੀ ਹੈ।
ਤੇਰੇ ਤੁਰ ਜਾਣ ਮਗਰੋਂ ਸਾਰਾ ਕੁਝ ਹੈ ਆਮ ਵਾਂਗਰ,
ਮੇਰੀ ਇਕ ਜਿੰਦ ਹੀ ਬਸ ਤੜਫਦੀ ਹੈ, ਲੁੱਛਦੀ ਹੈ।
ਨਹੀਂ ਜਦ ਰਖ ਸਕੇ ਧੀਆਂ ਨੂੰ ਘਰ ਵਿਚ ਬਾਦਸ਼ਾਹ ਵੀ,
ਗ਼ਜ਼ਲ ਮੇਰੀ ਵੀ ਸਰਹੱਦੀ ਛਪਣ ਨੂੰ ਜਾ ਰਹੀ ਹੈ।
Wednesday, 22 June 2011
ਮੈਂ ਘੁੱਗੀਆਂ ਦਾ ਜੋੜਾ ਲਿਖਿਆ
ਮੈਂ ਘੁੱਗੀਆਂ ਦਾ ਜੋੜਾ ਲਿਖਿਆ ਨਾਲ ਸਫੈਦ ਕਬੂਤਰ ਸੀ।
ਮੈਨੂੰ ਜੋ ਖ਼ਤ ਪਰਤਿਆ ਉਸ ਵਿਚ ਖੂਨ ਚ ਭਿੱਜਾ ਖੰਜਰ ਸੀ।
ਘਰ ਆ ਕੇ ਮੈਂ ਲਿਖਤ ਤੇਰੀ ਦਾ ਵਾਚਿਆ ਅੱਖਰ ਅੱਖਰ ਸੀ,
ਹਰ ਅੱਖਰ ਇਕ ਬਾਣ ਸੀ ਅਗ ਦਾ,ਜ਼ਹਿਰ ਚ ਭਿੱਜਾ ਨਸ਼ਤਰ ਸੀ।
ਹਰ ਇਕ ਮੇਜ਼ ਨੇ ਹੱਥ ਅੱਡੇ ਸਨ ਦਫਤਰ ਸੀ ਕਿ ਮੰਗਤਾ ਘਰ ਸੀ,
ਖਬਰੇ ਅਫਸਰ ਕਿੱਥੇ ਤੁਰ ਗਏ ਹਰ ਕੁਰਸੀ `ਤੇ ਪੱਥਰ ਸੀ।
ਮੇਰੀਆਂ ਝੀਥਾਂ ਥਾਣੀਂ ਲੰਘ ਕੇ ਮੇਰੇ ਦਿਲ ਤਕ ਪਹੁੰਚ ਗਈ ਉਹ,
ਮੇਰੇ ਲਈ ਉਹ ਪੂਰਾ ਚੰਨ ਸੀ, ਜੋ ਚੰਨ ਦੀ ਇਕ ਕਾਤਰ ਸੀ।
ਦੋਹਾਂ ਦੀ ਹੀ ਜਾਤ ਮਨੁਖਤਾ ਦੋਵੇਂ ਸੱਚ ਦੇ ਪੁਤਲੇ ਹੁੰਦੇ,
ਹਰ ਸ਼ਾਇਰ ਪੈਗੰਬਰ ਹੁੰਦੈ ਹਰ ਪੈਗੰਬਰ ਇਕ ਸ਼ਾਇਰ ਸੀ।
ਭਗਤ ਸਿੰਘ ਨੂੰ ਪੁਤ ਪੁਤ ਕਹਿਂਦਾ ਇਕ ਦਮ ਨੇਤਾ ਚੁੱਪ ਹੋ ਗਿਆ,
ਕਿਉਂਕਿ ਉਸਦਾ ਪੁੱਤਰ ਘਰ ਸੀ ਤੇ ਅਗਲਾ ਘਰ ਉਸਦਾ ਘਰ ਸੀ।
ਘਰ ਦੀ ਚਾਰ ਦਿਵਾਰੀ ਅੰਦਰ ਲੂਣ ਤੇ ਆਟਾ ਖਾ ਗਿਆ ਜਿਸਨੂੰ,
ਉਸ ਬੰਦੇ ਵਿਚ ਡਾਢੇ ਗੁਣ ਸਨ, ਉਹ ਵੀ ਇੱਕ ਸਿਕੰਦਰ ਸੀ।
ਜੇਬ੍ਹ ਦਾ ਪੱਥਰ ਅੱਖ ਵਿਚ ਸ਼ੀਸ਼ਾ ਕਿੱਦਾਂ ਦਾ ਸੀ “ਉਹ ਸਰਹੱਦੀ”,
ਜਿਸਦੀ ਬੁੱਕਲ ਵਿੱਚ ਦੀਵੇ ਸਨ ਜਿਸਦੀ ਝੱਖੜਾਂ ਦੀ ਚਾਦਰ ਸੀ।
Tuesday, 21 June 2011
ਜੜਾਂ ਤੋਂ ਸੁਰਖਰੂ ਕਰ ਕੇ
ਜੜਾਂ ਤੋਂ ਸੁਰਖਰੂ ਕਰ ਕੇ ਰੁੱਖ ਨੂੰ, ਸੰਗਲਾਂ ਨਾਲ ਖਲ੍ਹਾਰ ਰਹੇ ਨੇ।
ਉਹ ਕਿ ਜਿਹੜੇ ਖੁਦ ਸੱਭਿਆ ਨਈਂ,ਸੱਭਿਆਚਾਰ ਉਸਾਰ ਰਹੇ ਨੇ।
ਬਹੁਤ ਫਿਕਰ ਹੈ ਮੇਰੇ ਪਿੰਡ ਦਾ ਨਸ਼ਿਆਂ ਦੇ ਵਿਚ ਡੁੱਬ ਨਾ ਜਾਵੇ,
ਬੇਕਾਰਾਂ ਲਈ ਦਿੱਲੀ ਵਾਲੇ ਕਾਗਜੀ ਕਿਸ਼ਤੀ ਤਾਰ ਰਹੇ ਨੇ।
ਕੋਈ ਪੁੱਛੇ ਜੇ ਦਿਸ਼ਾ ਨਹੀਂ ਤਾਂ ਕਿਸ ਕੰਮ ਹੈ ਰਫਤਾਰ ਦੀ ਤੇਜੀ,
ਲੋੜ ਸੀ ਪਹਿਲਾਂ ਸੇਧ ਮਿਥਣ ਦੀ,ਪਹਿਲਾਂ ਮਿਥ ਰਫ਼ਤਾਰ ਰਹੇ ਨੇ।
ਜਦ ਮੇਰੀ ਸੀ ਤੁਰਨ ਦੀ ਸ਼ਕਤੀ, ਤਦ ਮੈਨੂੰ ਉਹ ਰਾਹ ਨਾ ਲੱਭੇ,
ਥੱਕ ਚੁੱਕਾਂ ਤਾਂ ਓਹੀ ਰਸਤੇ ਮੈਨੂੰ ਵਾਜਾਂ ਮਾਰ ਰਹੇ ਨੇ।
ਸੋਚਣ ਨਾਲ ਵਿਚਾਰ ਉਪਜਦੇ, ਦੀਵੇ ਜਗਦੇ, ਸ਼ੇਅਰ ਉਪਜਦੇ,
ਸੋਚ ਵਿਚਾਰ ਤਪੱਸਿਆ ਮੇਰੀ, ਤਾਂਹੀ ਸੁੱਝ ਵਿਚਾਰ ਰਹੇ ਨੇ।
ਤਰਕ ਅਤੇ ਮਜ਼ਹਬ ਦੀ ਯਾਰੀ ਇੱਟ ਅਤੇ ਕੁੱਤੇ ਦੇ ਵਾਂਗਰ,
ਬੱਚੇ ਹੱਥ ਵਿਚ ਲੈ ਕੇ ਪੱਥਰ ਕੁੱਤੇ ਨੂੰ ਪੁਚਕਾਰ ਰਹੇ ਨੇ।
ਸ਼ੀਸ਼ੇ ਨਿੱਤ ਬਦਲਦੇ ਰਹਿੰਦੇ, ਮੇਰੇ ਕੋਲ ਵੀ ਕਈ ਨੇ ਚਿਹਰੇ,
ਸ਼ੀਸ਼ਿਆਂ ਨੇ ਕੀ ਸਮਝਣਾ ਮੈਨੂੰ, ਐਵੇਂ ਲਿਸ਼ਕਾਂ ਮਾਰ ਰਹੇ ਨੇ।
ਦ੍ਰਿਸ਼ਟੀ ਤਾਂ ਹਰ ਅੱਖ ਵਿਚ ਹੁੰਦੀ, ਦ੍ਰਿਸ਼ਟੀਕੋਣ ਕਿਸੇ ਵਿਚ ਹੁੰਦਾ,
ਦ੍ਰਿਸ਼ਟੀਕੋਣ ਕਦੇ ਨਾ ਵਿਕਦੇ, ਦ੍ਰਿਸ਼ਟੀ ਵਿੱਚ ਵਪਾਰ ਰਹੇ ਨੇ।
ਇਕ ਸ਼ਾਇਰ ਦੇ ਐ ਸਰਹੱਦੀ ਸ਼ਾਇਰੀ ਨਾਲ ਨਜਾਇਜ਼ ਸਬੰਧ ਸਨ,
“ਲਿਖਦਾ ਕੁਝ ਤੇ ਕਰਦਾ ਕੁਝ ਸੀ” ਲੋਕੀਂ ਮਿਹਣੇ ਮਾਰ ਰਹੇ ਨੇ।
Friday, 10 June 2011
ਪਿਆ ਹੈ ਨ੍ਹੇਰ ਖੇਤੀ
ਪਿਆ ਹੈ ਨ੍ਹੇਰ ਖੇਤੀ ਏਸ ਨੂੰ ਖੁਦ ਜਗਣਾ ਪੈਣਾ ਹੈ।
ਕਦੋਂ ਤਕ ਦਾਤਰੀ ਨੇ ਸੰਸਦਾਂ ਦੀ ਲੋਏ ਬਹਿਣਾ ਹੈ।
ਵਧੀਂ ਜਾਂਦੀ ਹੈ ਸੂਹੇ ਰੰਗ ਵਿਚ ਮਿਕਦਾਰ ਚਿੱਟੇ ਦੀ,
ਗੁਲਾਬੀ ਹੋ ਕੇ ਇਸ ਨੇ ਹੌਲੀ ਹੌਲੀ ਫਿੱਕੇ ਪੈਣਾ ਹੈ।
ਸਦਾ ਮਰਦਾਨਗੀ ਦਾ ਨੂਰ ਪੀ ਕੇ ਜੀਂਦੀਆਂ ਨੇ ਇਹ,
ਜਦੋਂ ਤਕ ਮਰਦ ਹਨ ਬਾਕੀ, ਸਲੀਬਾਂ ਨਾਲ ਰਹਿਣਾ ਹੈ।
ਮੜ੍ਹੀ ਦਾ ਦੀਵਾ ਭਾਵੇਂ ਆਖ ਲੈ, ਭਾਵੇਂ ਟਟਹਿਣਾ ਕਹਿ,
ਮੇਰੀ ਮਜਬੂਰੀ ਹੈ ਹਰ ਹਾਲ ਮੈਨੂੰ ਜਗਣਾ ਪੈਣਾ ਹੈ।
ਤੁਸੀਂ ਪਾਣੀ ਅਸੀਂ ਪਾਣੀ ਬੜਾ ਪਰ ਫਰਕ ਦੋਹਾਂ ਵਿਚ,
ਤੁਸੀਂ ਰਲਣਾ ਸ਼ਰਾਬਾਂ ਵਿਚ ਅਸੀਂ ਆਡਾਂ ਚ ਵਹਿਣਾ ਹੈ।
ਉਹ ਜਿਸ ਨੇ ਕੰਨਾਂ, ਅੱਖਾਂ, ਬੁੱਲ੍ਹਾਂ ਉੱਤੇ ਜਰ ਲਏ ਤਾਲੇ,
ਬੜਾ ਮਰਦੂਦ ਹੈ ਬੰਦਾ ਉਹਦਾ ਦਰਸ਼ਨ ਕੁਲਹਿਣਾ ਹੈ।
ਧੁਆਂਖੀ ਸ਼ਾਮ ਦੀ ਟਹਿਣੀ `ਤੇ ਰੋਂਦੀ ਨਾ ਉਡਾ ਬੁਲਬੁਲ,
ਅਸੀਂ ਇਸ ਵਿਗੜੇ ਮੌਸਮ ਦਾ ਵੀ ਹੱਸ ਕੇ ਦਰਦ ਸਹਿਣਾ ਹੈ।
ਕਦੇ ਮੈਂ ਸੋਚਦਾ ਸਾਂ, ਵਕਤ ਲਾਹ ਲਊ ਸੂਲੀਓਂ ਮੈਨੂੰ,
ਪਤਾ ਕੀ ਸੀ ਕਿ ਖੁਦ ਹੀ ਵਕਤ ਨੇ ਸੂਲੀ `ਤੇ ਰਹਿਣਾ ਹੈ।
ਗੁਟਾਰਾਂ, ਚਿੜੀਆਂ , ਕਾਂਵਾਂ ਨੇ ਕਿਵੇਂ ਪਿੰਡ ਚੁਕ ਲਿਆ ਸਿਰ `ਤੇ,
ਲਗਾ ਕੇ ਘਾਤ ਸ਼ਿਕਰੇ ਨੇ ਕਦੋਂ ਤਕ ਨਿੰਮ `ਤੇ ਬਹਿਣਾ ਹੈ।
Tuesday, 7 June 2011
ਕਲਮ ਮਿਲੇ ਤਾਂ
ਕਲਮ ਮਿਲੇ ਤਾਂ ਪਿੰਜਰੇ ਦੇ ਹਰ ਪੰਛੀ ਨਾਮ ਉਡਾਨ ਲਿਖੀਂ।
ਬਾਲਾਂ ਦੇ ਮੁਰਝਾਏ ਬੁੱਲ੍ਹੀਂ ਗੀਤ ਲਿਖੀਂ ਮੁਸਕਾਨ ਲਿਖੀਂ,
ਹਰ ਇਕ ਬਸ਼ਰ ਤੇ ਬਸਤੀ ਦੇ ਨਾਂ ਖੇੜੇ ਅਮਨ ਅਮਾਨ ਲਿਖੀਂ।
ਦੁਨੀਆਂ ਦੇ ਹਰ ਨ੍ਹੇਰ ਦੇ ਨਾਂ `ਤੇ ਰੌਸ਼ਨੀ ਦਾ ਫੁਰਮਾਨ ਲਿਖੀਂ।
ਦੁਨੀਆਂ ਦੇ ਹਰ ਨ੍ਹੇਰ ਦੇ ਨਾਂ `ਤੇ ਰੌਸ਼ਨੀ ਦਾ ਫੁਰਮਾਨ ਲਿਖੀਂ।
ਸੁਪਨਿਆਂ ਅੰਦਰ ਝੀਲ ਘਲਾਵੀਂ ਉਹ ਜੋ ਪਿਆਸੇ ਸੌਂ ਗਏ ਹਨ,
ਥਲ ਵਿਚ ਸੜਦੇ ਕਾਫ਼ਲਿਆਂ ਨੂੰ ਠੰਡਾ ਨਖਲਿਸਤਾਨ ਲਿਖੀਂ।
ਕਾਟਾ ਮਾਰੀਂ ਉਸ ਮੁਨਸਿਫ `ਤੇ ਜੋ ਕਟਦਾ ਇਨਸਾਫ ਦੀ ਜੀਭ,
ਚੋਰ ਨੂੰ ਪਹਿਰੇਦਾਰ ਲਿਖੀਂ ਨਾ ਖੂਨੀ ਨੂੰ ਦਰਬਾਨ ਲਿਖੀਂ।
ਰੰਗਾਂ ਨਸਲਾਂ ਦੇਸਾਂ ਨੂੰ ਭੁਲ ਸਭ ਨੂੰ ਇਕ ਇਨਸਾਨ ਪੜ੍ਹੀਂ,
ਲਿਖਣ ਨੂੰ ਤੂੰ ਅੰਜੀਲ ਲਿਖੀਂ ਜਾਂ ਗੀਤਾ ਗ੍ਰੰਥ ਕੁਰਾਨ ਲਿਖੀਂ।
ਲੋਕਾਂ ਨਾਲੋਂ ਟੁੱਟੀ ਹੋਈ ਕੀ ਵਿਦਿਆ ? ਕੀ ਵਿਦਵਾਨੀ ?
ਜੋ ਰਾਜੇ ਦੀ ਅਰਦਲ ਲਿਖਦੈ ਉਸ ਨੂੰ ਨਾ ਵਿਦਵਾਨ ਲਿਖੀਂ।
ਲਸ਼ਕਰ ਲਿਖਣ ਮਹਾਨ ਸਿਕੰਦਰ ਪਰ ਜਨਤਾ ਲਈ ਹਿਟਲਰ ਸੀ,
ਜੋ ਲੜਦੇ ਨੇ ਪੋਰਸ ਬਣ ਕੇ ਓਹੀ ਲੋਕ ਮਹਾਨ ਲਿਖੀਂ।
ਉਹ ਕਿਰਪਾਨ ਇਲਾਹੀ ਹੁੰਦੀ ਜੋ ਲੋਕਾਂ ਲਈ ਲੜਦੀ ਹੈ,
ਜੋ ਨਾ “ਗੁਰੂ” ਹੁਕਮ ਚ ਚੱਲੇ ਉਸ ਨੂੰ ਨਾ ਕਿਰਪਾਨ ਲਿਖੀਂ।
ਉਡਦਾ ਪੰਛੀ, ਜਗਦਾ ਦੀਪਕ, ਆਡ ਦਾ ਪਾਣੀ ਜਾਂ ਖੁਸ਼ਬੂ,
ਸਰਹੱਦੀ ਦੇ ਨਾਮ ਜੇ ਲਿਖਣਾ ਏਦਾਂ ਦਾ ਸਨਮਾਨ ਲਿਖੀਂ।
ਨਿਊਯਾਰਕ ਸੋਨੇ ਦੇ ਡਾਲਰ
ਨਿਊਯਾਰਕ ਸੋਨੇ ਦੇ ਡਾਲਰ ਓਥੇ ਕਾਰਾਂ ਵਿਕਣਗੀਆਂ ।
ਸਸਤੇ ਟਕਿਆਂ ਵਾਲੇ ਵਤਨੀਂ ਤਾਂ ਤਲਵਾਰਾਂ ਵਿਕਣਗੀਆਂ ।
ਪਾਟੀਆਂ ਨੇ ਸਲਵਾਰਾਂ ਜਿੱਥੇ, ਓਥੇ ਬੁਰਕੇ ਵਿਕਦੇ ਹਨ,
ਸੁੱਚੇ ਸਿਲਕ ਦੀ ਮੰਡੀ ਵਿਚ ਨੰਗੀਆਂ ਮੁਟਿਆਰਾਂ ਵਿਕਣਗੀਆਂ।
ਬੁੱਸੀ, ਉੱਲੀ-ਮਾਰੀ ਸਬਜੀ , ਤਾਂ ਕੁੱਤੇ ਵੀ ਨਹੀਂ ਖਾਂਦੇ,
ਖੂਨ ਦਾ ਤੜਕਾ ਲੱਗੇਗਾ ਤਾਂ ਹੀ ਅਖ਼ਬਾਰਾਂ ਵਿਕਣਗੀਆਂ।
ਚਾਂਦਨੀ ਚੌਂਕ ਦੇ ਮੁਗ਼ਲ ਵਪਾਰੀ ਅਜਕਲ੍ਹ ਸੀਸ ਨਹੀਂ ਮੰਗਦੇ,
ਹੁਣ ਦਸਤਾਰਾਂ ਦੀ ਹੈ ਮਹਿਮਾ, ਹੁਣ ਦਸਤਾਰਾਂ ਵਿਕਣਗੀਆਂ।
ਲੇਬਰ ਚੌਂਕਾਂ ਵਿੱਚ ਇਕੱਲੇ ਹੁਣ ਮਜ਼ਦੂਰ ਨਹੀਂ ਵਿਕਣੇ,
ਮਜ਼ਦੂਰਾਂ ਸੰਗ ਛਾਂਟੇ, ਫਿਟਕਾਂ, ਹੁੱਝਾਂ, ਆਰਾਂ ਵਿਕਣਗੀਆਂ।
ਮਾਵਾਂ ਦਾ ਹੀ ਦੁੱਧ ਪੀਵਣਗੇ ਬਾਲ ਮਹੱਲਾਂ ਵਾਲੇ ਵੀ।
ਮੱਝਾਂ ਗਾਵਾਂ ਵਾਂਗਰ ਹੀ ਮਾਵਾਂ ਦੀਆਂ ਧਾਰਾਂ ਵਿਕਣਗੀਆਂ।
ਇਕ ਇਕ ਕਰ ਕੇ ਫੁੱਲ ਵੇਚਣ ਦੀ ਛੱਡ ਗਰੀਬੀ ਭਾਰਤ ਦੇਸ਼,
ਆ ਗਿਆ ਹੈ ਅਮਰੀਕਾ ਤੇਰੀਆਂ ਸਭ ਗੁਲਜਾਰਾਂ ਵਿਕਣਗੀਆਂ।
ਉਹ ਕੰਜਕਾਂ ਦੇ ਕੱਚੇ ਜਿਸਮ ਤੇ ਝੂਠੇ ਹਾਸਿਓਂ ਅੱਕ ਚੁੱਕੇ,
ਸ਼ੈਖਾਂ ਦੇ ਮਨੋਰੰਜਨ ਲਈ ਹੁਣ ਚੀਕ ਪੁਕਾਰਾਂ ਵਿਕਣਗੀਆਂ।
ਬਸਤਿਆਂ ਚੋਂ ਜੇ ਮਰਿਆਦਾ ਨੂੰ ਏਦਾਂ ਹੀ ਬਨਵਾਸ ਰਿਹਾ,
ਵੋਟਾਂ ਤਾਂ ਕੀ ਵੋਟਾਂ ਸੰਗ ਬਣੀਆਂ ਸਰਕਾਰਾਂ ਵਿਕਣਗੀਆਂ।
Sunday, 5 June 2011
ਕੁਝ ਇਕ ਚੇਤੇ ਸਾਹਵਾਂ ਵਰਗੇ
ਕੁਝ ਇਕ ਚੇਤੇ ਸਾਹਵਾਂ ਵਰਗੇ ਹੁੰਦੇ ਨੇ।
ਅਪਣੇ ਪਿੰਡ ਦੀਆਂ ਰਾਹਵਾਂ ਵਰਗੇ ਹੁੰਦੇ ਨੇ।
ਕੁਝ ਸੱਜਣਾਂ ਦੀ ਯਾਦ ਆਵੇ ਤਾਂ ਸਿਰ ਝੁਕ ਜੇ,
ਪੈਗੰਬਰਾਂ ਦੇ ਨਾਵਾਂ ਵਰਗੇ ਹੁੰਦੇ ਨੇ।
ਕੁਝ ਹਉਕੇ ਵੀ ਗੁੱਝੀਆਂ ਖੁਸ਼ੀਆਂ ਦਿੰਦੇ ਹਨ,
ਕੁਝ ਹਾਸੇ ਵੀ ਹਾਵਾਂ ਵਰਗੇ ਹੁੰਦੇ ਨੇ।
ਸ਼ਗਨ ਸ਼ਰੀਂਹ ਤੋਂ ਮੜ੍ਹੀਆਂ ਤੱਕ ਦਾ ਰਿਸ਼ਤਾ ਹੈ,
ਰੁੱਖ ਵੀ ਭੈਣ ਭਰਾਵਾਂ ਵਰਗੇ ਹੁੰਦੇ ਨੇ।
ਜਿੰਨ੍ਹਾਂ ਚੋਂ ਅਪਣੱਤ ਦਾ ਜਜ਼ਬਾ ਮਰ ਜਾਂਦਾ,
ਉਰ ਘਰ ਮਹਿਜ਼ ਸਰਾਵਾਂ ਵਰਗੇ ਹੁੰਦੇ ਨੇ।
ਤਾਪ ਚੜ੍ਹੇ ਮਾਂ-ਪਿਉ ਨੂੰ, ਪਰ ਉਹ ਹੂੰਗਦੀਆਂ,
ਮੋਹ ਧੀਆਂ ਦੇ , ਮਾਵਾਂ ਵਰਗੇ ਹੁੰਦੇ ਨੇ।
ਹਰ ਮਿਰਜੇ ਦ ਸਿਰ ਹੱਥਾਂ `ਤੇ ਉਗਦਾ ਹੈ,
ਵੰਝਲ ਨੇਕ ਸਲਾਹਵਾਂ ਵਰਗੇ ਹੁੰਦੇ ਨੇ।
ਅੱਲ੍ਹੜ ਉਮਰ ਦੇ ਉਹ ਦਿਨ ਯਾਦ ਨੇ ਸਰਹੱਦੀ,
ਮੁਕਲਾਵੇ ਦੇ ਚਾਵਾਂ ਵਰਗੇ ਹੁੰਦੇ ਨੇ।
ਲਸ਼ਕਰਾਂ ਨੂੰ ਅਸ਼ਤਰਾਂ ਤੇ
ਲਸ਼ਕਰਾਂ ਨੂੰ ਅਸ਼ਤਰਾਂ ਤੇ ਸ਼ਸਤਰਾਂ ਦੀ ਲੋੜ ਹੈ।
ਗਿਆਨ ਦੇ ਪਰ ਮੋਰਚੇ `ਤੇ ਅੱਖਰਾਂ ਦੀ ਲੋੜ ਹੈ।
ਕਰ ਰਹੇ ਨੇ ਜ਼ਖਮਾਂ ਦੀ ਖੇਤੀ ਸਿਕੰਦਰ ਤੇ ਚੰਗੇਜ਼,
ਮਰਹਮਾਂ ਉਪਜਉਣ ਖਾਤਰ ਸ਼ਾਇਰਾਂ ਦੀ ਲੋੜ ਹੈ।
ਹਰ ਬਸ਼ਰ ਨੂੰ ਲੋੜ ਹੈ ਇਕ ਤਰਕ ਮੱਤੀ ਜੀਭ ਦੀ,
ਗੁੰਗੀਆਂ ਜੀਭਾਂ ਨੂੰ ਹੁੰਦੀ ਨਹੁੰਦਰਾਂ ਦੀ ਲੋੜ ਹੈ।
ਨਾ ਬਣਾਓ ਸ਼ਹਿਰ ਦਾ ਹਰ ਮੋੜ ਮਜ਼ਬੀ ਮੋਰਚਾ,
ਬਸਤੀਆਂ ਨੂੰ ਬੰਕਰਾਂ ਨਹੀਂ ਅਜ ਘਰਾਂ ਦੀ ਲੋੜ ਹੈ।
ਏਧਰ ਮੰਦਰ ਵਧ ਰਹੇ ਨੇ, ਓਧਰ ਚਰਚਾਂ ਮਸਜਿਦਾਂ,
ਦੁਨੀਆਂ ਦੇ ਹਰ ਰਾਜੇ ਨੂੰ ਪੂਜਾ ਘਰਾਂ ਦੀ ਲੋੜ ਹੈ।
ਸਰਵਰਾਂ ਸਭਨਾਂ ਦੇ ਪਾਣੀ ਕਾਇਆ ਤਕ ਮਹਿਦੂਦ ਹਨ,
ਆਤਮਾ ਜੋ ਧੋਣ ਉਹਨਾਂ ਪਾਣੀਆਂ ਦੀ ਲੋੜ ਹੈ।
ਜੋ ਕਿਤਾਬੀ ਕੀੜੇ ਡੁਬ ਗਏ ਡਿਗਰੀਆਂ ਦੇ ਨ੍ਹੇਰ ਵਿਚ,
ਉਹਨਾਂ ਨੂੰ ਫਿਰ ਗ਼ਜ਼ਲਾਂ ਵਰਗੇ ਅੰਬਰਾਂ ਦੀ ਲੋੜ ਹੈ।
ਲੋਕ ਦਿਲ ਦੇ ਦਰਦਾਂ ਦੇ ਸੰਗ ਮਿਣ ਕੇ ਪੜ੍ਹਦੇ ਹਨ ਗ਼ਜ਼ਲ,
ਫੇਲ ਫੇਲੁਨ ਫਾਇਲਾਤੁਨ ਸ਼ਾਇਰਾਂ ਦੀ ਲੋੜ ਹੈ।
ਬਹੁਤ ਹੋ ਚੁੱਕੀ ਨੀ ਦਿੱਲੀਏ ਬੰਦ ਕਰ ਇਹ ਮਸ਼ਕਰੀ,
ਸਾਨੂੰ ਅਜਕਲ੍ਹ ਮਸ਼ਕਰੇ ਨਈਂ ਰਹਿਬਰਾਂ ਦੀ ਲੋੜ ਹੈ।
Monday, 30 May 2011
ਦਿਲਾਵਰ ਰੋਣਗੇ ਚੋਰੀਂ
ਦਿਲਾਵਰ ਰੋਣਗੇ ਚੋਰੀਂ ਮੇਰੇ ਜਿਹਿਆਂ ਜਾਹਰਿਆਂ ਰੋਣੈ।
ਵਦੇਸ਼ੀਂ ਤੋਰ ਕੇ ਪੁੱਤਰ ਪਿਓਵਾਂ ਸਾਰਿਆਂ ਰੋਣੈ।
ਜਿਨ੍ਹਾਂ ਦੇ ਗਰਕਣੇ ਬੇੜੇ, ਮਲਾਹਾਂ ਸਾਰਿਆਂ ਰੋਣੈ,
ਮੇਰਾ ਜਦ ਡੁੱਬਿਆ ਸੂਰਜ ਨਦੀ ਦੇ ਧਾਰਿਆਂ ਰੋਣੈ।
ਤੇਰੇ ਤੁਰ ਜਾਣ ਦੇ ਮਗਰੋਂ ਅਸੀਂ ਕੱਲਿਆਂ ਨਹੀਂ ਰੋਣਾ,
ਸਵੇਰੇ ਰੋਵੇਗੀ ਸ਼ਬਨਮ ਤੇ ਰਾਤੀਂ ਤਾਰਿਆਂ ਰੋਣੈ।
ਵਚਿੱਤਰ ਹੈ ਤੂੰ ਜਦ ਤੁਰਿਓਂ ਤਾਂ ਤੇਰੇ ਰੋਏ ਦੁਸ਼ਮਣ ਵੀ,
ਅਸਾਂ ਤਾਂ ਸੋਚਿਆ ਸੀ ਤੇਰਿਆਂ ਬਸ ਪਿਆਰਿਆਂ ਰੋਣੈ।
ਮੈਂ ਬਹਿ ਕੇ ਯਾਰਾਂ ਦੀ ਮਹਿਫ਼ਲ ਚ ਰੋਵਾਂਗਾ ਬੜਾ ਹਸ ਹਸ,
ਤੂੰ ਲਾ ਕੇ ਪੱਜ ਧੂੰਏਂ ਦਾ ਤੇ ਓਹਲੇ ਹਾਰਿਆਂ ਰੋਣੈ।
ਝੜੀ ਜਦ ਸਉਣ ਦੀ ਲੱਗੀ, ਚੁਬਾਰੇ ਬਹੁਤ ਹੱਸਣਗੇ,
ਜਿਨ੍ਹਾਂ ਦੇ ਚੁੱਲ੍ਹੇ ਨਾ ਚੌਂਕੇ ਉਹਨਾਂ ਹੀ ਢਾਰਿਆਂ ਰੋਣੈ।
ਸ਼ਹੀਦਾਂ ਸਾਬਤੇ ਰਹਿਣਾ ਹਜਾਰਾਂ ਚੀਰ ਖਾ ਕੇ ਵੀ,
ਲਹੂ ਦੇ ਅਸ਼ਕ ਕੇਰਨਗੇ ਤੇਰੇ ਹੀ ਆਰਿਆਂ ਰੋਣੈ।
ਬੜਾ ਅੱਯਾਸ਼ ਹੈ ਮੌਸਮ ਕਰੂ ਖਿਲਵਾੜ ਰੁੱਤਾਂ ਨਾਲ,
ਕਿ ਪੋਹ ਦੇ ਤਪਦਿਆਂ ਤੇ ਹਾੜ੍ਹ ਹੱਥੋਂ ਠਾਰਿਆਂ ਰੋਣੈ।
ਸਬੂਤੇ ਇਸ਼ਕ ਖਾਤਰ ਹੋਸ਼ ਵੀ ਜਜ਼ਬਾ ਲਾਜ਼ਮ ਹੈ,
ਮੈਂ ਰੋਨਾਂ ਰਾਂਝੇ ਦਾ ਮਾਰਾ ਤੂੰ ਮਿਰਜੇ ਮਾਰਿਆਂ ਰੋਣੈ।
Subscribe to:
Posts (Atom)