ਪਿਆ ਹੈ ਨ੍ਹੇਰ ਖੇਤੀ
ਪਿਆ ਹੈ ਨ੍ਹੇਰ ਖੇਤੀ ਏਸ ਨੂੰ ਖੁਦ ਜਗਣਾ ਪੈਣਾ ਹੈ।
ਕਦੋਂ ਤਕ ਦਾਤਰੀ ਨੇ ਸੰਸਦਾਂ ਦੀ ਲੋਏ ਬਹਿਣਾ ਹੈ।
ਵਧੀਂ ਜਾਂਦੀ ਹੈ ਸੂਹੇ ਰੰਗ ਵਿਚ ਮਿਕਦਾਰ ਚਿੱਟੇ ਦੀ,
ਗੁਲਾਬੀ ਹੋ ਕੇ ਇਸ ਨੇ ਹੌਲੀ ਹੌਲੀ ਫਿੱਕੇ ਪੈਣਾ ਹੈ।
ਸਦਾ ਮਰਦਾਨਗੀ ਦਾ ਨੂਰ ਪੀ ਕੇ ਜੀਂਦੀਆਂ ਨੇ ਇਹ,
ਜਦੋਂ ਤਕ ਮਰਦ ਹਨ ਬਾਕੀ, ਸਲੀਬਾਂ ਨਾਲ ਰਹਿਣਾ ਹੈ।
ਮੜ੍ਹੀ ਦਾ ਦੀਵਾ ਭਾਵੇਂ ਆਖ ਲੈ, ਭਾਵੇਂ ਟਟਹਿਣਾ ਕਹਿ,
ਮੇਰੀ ਮਜਬੂਰੀ ਹੈ ਹਰ ਹਾਲ ਮੈਨੂੰ ਜਗਣਾ ਪੈਣਾ ਹੈ।
ਤੁਸੀਂ ਪਾਣੀ ਅਸੀਂ ਪਾਣੀ ਬੜਾ ਪਰ ਫਰਕ ਦੋਹਾਂ ਵਿਚ,
ਤੁਸੀਂ ਰਲਣਾ ਸ਼ਰਾਬਾਂ ਵਿਚ ਅਸੀਂ ਆਡਾਂ ਚ ਵਹਿਣਾ ਹੈ।
ਉਹ ਜਿਸ ਨੇ ਕੰਨਾਂ, ਅੱਖਾਂ, ਬੁੱਲ੍ਹਾਂ ਉੱਤੇ ਜਰ ਲਏ ਤਾਲੇ,
ਬੜਾ ਮਰਦੂਦ ਹੈ ਬੰਦਾ ਉਹਦਾ ਦਰਸ਼ਨ ਕੁਲਹਿਣਾ ਹੈ।
ਧੁਆਂਖੀ ਸ਼ਾਮ ਦੀ ਟਹਿਣੀ `ਤੇ ਰੋਂਦੀ ਨਾ ਉਡਾ ਬੁਲਬੁਲ,
ਅਸੀਂ ਇਸ ਵਿਗੜੇ ਮੌਸਮ ਦਾ ਵੀ ਹੱਸ ਕੇ ਦਰਦ ਸਹਿਣਾ ਹੈ।
ਕਦੇ ਮੈਂ ਸੋਚਦਾ ਸਾਂ, ਵਕਤ ਲਾਹ ਲਊ ਸੂਲੀਓਂ ਮੈਨੂੰ,
ਪਤਾ ਕੀ ਸੀ ਕਿ ਖੁਦ ਹੀ ਵਕਤ ਨੇ ਸੂਲੀ `ਤੇ ਰਹਿਣਾ ਹੈ।
ਗੁਟਾਰਾਂ, ਚਿੜੀਆਂ , ਕਾਂਵਾਂ ਨੇ ਕਿਵੇਂ ਪਿੰਡ ਚੁਕ ਲਿਆ ਸਿਰ `ਤੇ,
ਲਗਾ ਕੇ ਘਾਤ ਸ਼ਿਕਰੇ ਨੇ ਕਦੋਂ ਤਕ ਨਿੰਮ `ਤੇ ਬਹਿਣਾ ਹੈ।
No comments:
Post a Comment