ਕਲਮ ਮਿਲੇ ਤਾਂ
ਕਲਮ ਮਿਲੇ ਤਾਂ ਪਿੰਜਰੇ ਦੇ ਹਰ ਪੰਛੀ ਨਾਮ ਉਡਾਨ ਲਿਖੀਂ।
ਬਾਲਾਂ ਦੇ ਮੁਰਝਾਏ ਬੁੱਲ੍ਹੀਂ ਗੀਤ ਲਿਖੀਂ ਮੁਸਕਾਨ ਲਿਖੀਂ,
ਹਰ ਇਕ ਬਸ਼ਰ ਤੇ ਬਸਤੀ ਦੇ ਨਾਂ ਖੇੜੇ ਅਮਨ ਅਮਾਨ ਲਿਖੀਂ।
ਦੁਨੀਆਂ ਦੇ ਹਰ ਨ੍ਹੇਰ ਦੇ ਨਾਂ `ਤੇ ਰੌਸ਼ਨੀ ਦਾ ਫੁਰਮਾਨ ਲਿਖੀਂ।
ਦੁਨੀਆਂ ਦੇ ਹਰ ਨ੍ਹੇਰ ਦੇ ਨਾਂ `ਤੇ ਰੌਸ਼ਨੀ ਦਾ ਫੁਰਮਾਨ ਲਿਖੀਂ।
ਸੁਪਨਿਆਂ ਅੰਦਰ ਝੀਲ ਘਲਾਵੀਂ ਉਹ ਜੋ ਪਿਆਸੇ ਸੌਂ ਗਏ ਹਨ,
ਥਲ ਵਿਚ ਸੜਦੇ ਕਾਫ਼ਲਿਆਂ ਨੂੰ ਠੰਡਾ ਨਖਲਿਸਤਾਨ ਲਿਖੀਂ।
ਕਾਟਾ ਮਾਰੀਂ ਉਸ ਮੁਨਸਿਫ `ਤੇ ਜੋ ਕਟਦਾ ਇਨਸਾਫ ਦੀ ਜੀਭ,
ਚੋਰ ਨੂੰ ਪਹਿਰੇਦਾਰ ਲਿਖੀਂ ਨਾ ਖੂਨੀ ਨੂੰ ਦਰਬਾਨ ਲਿਖੀਂ।
ਰੰਗਾਂ ਨਸਲਾਂ ਦੇਸਾਂ ਨੂੰ ਭੁਲ ਸਭ ਨੂੰ ਇਕ ਇਨਸਾਨ ਪੜ੍ਹੀਂ,
ਲਿਖਣ ਨੂੰ ਤੂੰ ਅੰਜੀਲ ਲਿਖੀਂ ਜਾਂ ਗੀਤਾ ਗ੍ਰੰਥ ਕੁਰਾਨ ਲਿਖੀਂ।
ਲੋਕਾਂ ਨਾਲੋਂ ਟੁੱਟੀ ਹੋਈ ਕੀ ਵਿਦਿਆ ? ਕੀ ਵਿਦਵਾਨੀ ?
ਜੋ ਰਾਜੇ ਦੀ ਅਰਦਲ ਲਿਖਦੈ ਉਸ ਨੂੰ ਨਾ ਵਿਦਵਾਨ ਲਿਖੀਂ।
ਲਸ਼ਕਰ ਲਿਖਣ ਮਹਾਨ ਸਿਕੰਦਰ ਪਰ ਜਨਤਾ ਲਈ ਹਿਟਲਰ ਸੀ,
ਜੋ ਲੜਦੇ ਨੇ ਪੋਰਸ ਬਣ ਕੇ ਓਹੀ ਲੋਕ ਮਹਾਨ ਲਿਖੀਂ।
ਉਹ ਕਿਰਪਾਨ ਇਲਾਹੀ ਹੁੰਦੀ ਜੋ ਲੋਕਾਂ ਲਈ ਲੜਦੀ ਹੈ,
ਜੋ ਨਾ “ਗੁਰੂ” ਹੁਕਮ ਚ ਚੱਲੇ ਉਸ ਨੂੰ ਨਾ ਕਿਰਪਾਨ ਲਿਖੀਂ।
ਉਡਦਾ ਪੰਛੀ, ਜਗਦਾ ਦੀਪਕ, ਆਡ ਦਾ ਪਾਣੀ ਜਾਂ ਖੁਸ਼ਬੂ,
ਸਰਹੱਦੀ ਦੇ ਨਾਮ ਜੇ ਲਿਖਣਾ ਏਦਾਂ ਦਾ ਸਨਮਾਨ ਲਿਖੀਂ।
ਕਲਮ ਮਿਲੇ ਤਾਂ ਪਿੰਜਰੇ ਦੇ ਹਰ ਪੰਛੀ ਨਾਮ ਉਡਾਨ ਲਿਖੀਂ।
ReplyDeleteਬਾਲਾਂ ਦੇ ਮੁਰਝਾਏ ਬੁੱਲ੍ਹੀਂ ਗੀਤ ਲਿਖੀਂ ਮੁਸਕਾਨ ਲਿਖੀਂ,
ਵਾਹ ਜਨਾਬ ਇਹਨੂੰ ਕਹਿੰਦੇ ਨੇ ਸੁਬ੍ਹਾਨ ਤੇਰੀ ਕੁਦਰਤ