ਨਿਊਯਾਰਕ ਸੋਨੇ ਦੇ ਡਾਲਰ
ਨਿਊਯਾਰਕ ਸੋਨੇ ਦੇ ਡਾਲਰ ਓਥੇ ਕਾਰਾਂ ਵਿਕਣਗੀਆਂ ।
ਸਸਤੇ ਟਕਿਆਂ ਵਾਲੇ ਵਤਨੀਂ ਤਾਂ ਤਲਵਾਰਾਂ ਵਿਕਣਗੀਆਂ ।
ਪਾਟੀਆਂ ਨੇ ਸਲਵਾਰਾਂ ਜਿੱਥੇ, ਓਥੇ ਬੁਰਕੇ ਵਿਕਦੇ ਹਨ,
ਸੁੱਚੇ ਸਿਲਕ ਦੀ ਮੰਡੀ ਵਿਚ ਨੰਗੀਆਂ ਮੁਟਿਆਰਾਂ ਵਿਕਣਗੀਆਂ।
ਬੁੱਸੀ, ਉੱਲੀ-ਮਾਰੀ ਸਬਜੀ , ਤਾਂ ਕੁੱਤੇ ਵੀ ਨਹੀਂ ਖਾਂਦੇ,
ਖੂਨ ਦਾ ਤੜਕਾ ਲੱਗੇਗਾ ਤਾਂ ਹੀ ਅਖ਼ਬਾਰਾਂ ਵਿਕਣਗੀਆਂ।
ਚਾਂਦਨੀ ਚੌਂਕ ਦੇ ਮੁਗ਼ਲ ਵਪਾਰੀ ਅਜਕਲ੍ਹ ਸੀਸ ਨਹੀਂ ਮੰਗਦੇ,
ਹੁਣ ਦਸਤਾਰਾਂ ਦੀ ਹੈ ਮਹਿਮਾ, ਹੁਣ ਦਸਤਾਰਾਂ ਵਿਕਣਗੀਆਂ।
ਲੇਬਰ ਚੌਂਕਾਂ ਵਿੱਚ ਇਕੱਲੇ ਹੁਣ ਮਜ਼ਦੂਰ ਨਹੀਂ ਵਿਕਣੇ,
ਮਜ਼ਦੂਰਾਂ ਸੰਗ ਛਾਂਟੇ, ਫਿਟਕਾਂ, ਹੁੱਝਾਂ, ਆਰਾਂ ਵਿਕਣਗੀਆਂ।
ਮਾਵਾਂ ਦਾ ਹੀ ਦੁੱਧ ਪੀਵਣਗੇ ਬਾਲ ਮਹੱਲਾਂ ਵਾਲੇ ਵੀ।
ਮੱਝਾਂ ਗਾਵਾਂ ਵਾਂਗਰ ਹੀ ਮਾਵਾਂ ਦੀਆਂ ਧਾਰਾਂ ਵਿਕਣਗੀਆਂ।
ਇਕ ਇਕ ਕਰ ਕੇ ਫੁੱਲ ਵੇਚਣ ਦੀ ਛੱਡ ਗਰੀਬੀ ਭਾਰਤ ਦੇਸ਼,
ਆ ਗਿਆ ਹੈ ਅਮਰੀਕਾ ਤੇਰੀਆਂ ਸਭ ਗੁਲਜਾਰਾਂ ਵਿਕਣਗੀਆਂ।
ਉਹ ਕੰਜਕਾਂ ਦੇ ਕੱਚੇ ਜਿਸਮ ਤੇ ਝੂਠੇ ਹਾਸਿਓਂ ਅੱਕ ਚੁੱਕੇ,
ਸ਼ੈਖਾਂ ਦੇ ਮਨੋਰੰਜਨ ਲਈ ਹੁਣ ਚੀਕ ਪੁਕਾਰਾਂ ਵਿਕਣਗੀਆਂ।
ਬਸਤਿਆਂ ਚੋਂ ਜੇ ਮਰਿਆਦਾ ਨੂੰ ਏਦਾਂ ਹੀ ਬਨਵਾਸ ਰਿਹਾ,
ਵੋਟਾਂ ਤਾਂ ਕੀ ਵੋਟਾਂ ਸੰਗ ਬਣੀਆਂ ਸਰਕਾਰਾਂ ਵਿਕਣਗੀਆਂ।
No comments:
Post a Comment