Wednesday, 22 June 2011



            ਮੈਂ ਘੁੱਗੀਆਂ ਦਾ ਜੋੜਾ ਲਿਖਿਆ

ਮੈਂ  ਘੁੱਗੀਆਂ  ਦਾ  ਜੋੜਾ  ਲਿਖਿਆ  ਨਾਲ ਸਫੈਦ  ਕਬੂਤਰ   ਸੀ।
ਮੈਨੂੰ  ਜੋ  ਖ਼ਤ  ਪਰਤਿਆ  ਉਸ ਵਿਚ  ਖੂਨ ਚ ਭਿੱਜਾ ਖੰਜਰ ਸੀ।

ਘਰ ਆ ਕੇ  ਮੈਂ ਲਿਖਤ ਤੇਰੀ ਦਾ ਵਾਚਿਆ  ਅੱਖਰ  ਅੱਖਰ ਸੀ,
ਹਰ ਅੱਖਰ ਇਕ ਬਾਣ ਸੀ ਅਗ ਦਾ,ਜ਼ਹਿਰ ਚ ਭਿੱਜਾ ਨਸ਼ਤਰ ਸੀ।

ਹਰ ਇਕ ਮੇਜ਼ ਨੇ ਹੱਥ ਅੱਡੇ ਸਨ ਦਫਤਰ ਸੀ ਕਿ ਮੰਗਤਾ ਘਰ ਸੀ,
ਖਬਰੇ  ਅਫਸਰ ਕਿੱਥੇ  ਤੁਰ ਗਏ  ਹਰ ਕੁਰਸੀ `ਤੇ ਪੱਥਰ  ਸੀ।

ਮੇਰੀਆਂ ਝੀਥਾਂ  ਥਾਣੀਂ  ਲੰਘ ਕੇ ਮੇਰੇ ਦਿਲ ਤਕ ਪਹੁੰਚ ਗਈ ਉਹ,
ਮੇਰੇ ਲਈ ਉਹ ਪੂਰਾ ਚੰਨ  ਸੀ, ਜੋ  ਚੰਨ  ਦੀ ਇਕ ਕਾਤਰ  ਸੀ।

ਦੋਹਾਂ  ਦੀ ਹੀ  ਜਾਤ  ਮਨੁਖਤਾ  ਦੋਵੇਂ   ਸੱਚ  ਦੇ  ਪੁਤਲੇ   ਹੁੰਦੇ,
ਹਰ  ਸ਼ਾਇਰ  ਪੈਗੰਬਰ  ਹੁੰਦੈ ਹਰ ਪੈਗੰਬਰ ਇਕ  ਸ਼ਾਇਰ  ਸੀ।

ਭਗਤ ਸਿੰਘ ਨੂੰ ਪੁਤ ਪੁਤ ਕਹਿਂਦਾ ਇਕ ਦਮ ਨੇਤਾ ਚੁੱਪ ਹੋ ਗਿਆ,
ਕਿਉਂਕਿ ਉਸਦਾ ਪੁੱਤਰ ਘਰ ਸੀ ਤੇ ਅਗਲਾ ਘਰ ਉਸਦਾ ਘਰ  ਸੀ।

ਘਰ ਦੀ ਚਾਰ ਦਿਵਾਰੀ ਅੰਦਰ ਲੂਣ ਤੇ ਆਟਾ ਖਾ ਗਿਆ ਜਿਸਨੂੰ,
ਉਸ ਬੰਦੇ  ਵਿਚ ਡਾਢੇ ਗੁਣ ਸਨ, ਉਹ  ਵੀ ਇੱਕ  ਸਿਕੰਦਰ ਸੀ।

ਜੇਬ੍ਹ ਦਾ ਪੱਥਰ ਅੱਖ ਵਿਚ ਸ਼ੀਸ਼ਾ ਕਿੱਦਾਂ ਦਾ ਸੀ ਉਹ ਸਰਹੱਦੀ,
ਜਿਸਦੀ ਬੁੱਕਲ ਵਿੱਚ ਦੀਵੇ ਸਨ ਜਿਸਦੀ ਝੱਖੜਾਂ ਦੀ ਚਾਦਰ ਸੀ।

No comments:

Post a Comment