ਬੜਾ ਨਿੱਕਾ ਜਿਹਾ ਜੁਗਨੂੰ
ਬੜਾ ਨਿੱਕਾ ਜਿਹਾ ਜੁਗਨੂੰ ਕੀ ਹਸਤੀ ਏਸ ਦੀ ਹੈ।
ਤਾਂ ਫਿਰ ਜੁਗਨੂੰ ਦੇ ਨਾਂ `ਤੇ ਨ੍ਹੇਰ ਵਿਚ ਕਿਉਂ ਖਲਬਲੀ ਹੈ।
ਸ਼ਿਕਾਰੀ ਜਾਣਦੇ ਨੇ ਭੁੱਖ ਵਿਚ ਹੀ ਬੇਬਸੀ ਹੈ,
ਕਿ ਚੰਚਲਹਾਰੀ ਮਛਲੀ ਕੁੰਡੀ ਤਕ ਕਿੰਝ ਪਹੁੰਚਦੀ ਹੈ।
ਮੁੰਡੇ ਚੰਨ ਤਾਰੇ ਦਿੰਦੇ ਨੇ, ਉਹ ਰੋਟੀ ਮੰਗਦੀ ਹੈ,
ਮੁੰਡੇ ਹੈਰਾਨ ਹਨ ਇਹ ਕਿਸ ਤਰਾਂ ਦੀ ਮੰਗਤੀ ਹੈ ?
ਹਰਿਕ ਵਸਤੂ, ਪ੍ਰਾਣੀ, ਫਲਸਫੇ ਦੇ ਨਿਯਮ ਵਖਰੇ,
ਸੂਈ ਨੇ ਜੋੜਨਾ ਹੁੰਦੈ ਤੇ ਕੈਂਚੀ ਕੱਟਦੀ ਹੈ।
ਬਜਾਤੇ ਖੁਦ ਤਾਂ ਕਲਗੀ ਕਲਗੀਧਰ ਪੈਦਾ ਨਈਂ ਕਰਦੀ,
ਉਵੇਂ ਤਾਂ ਕੁੱਕੜਾਂ ਦੇ ਸਿਰ ਵੀ ਕਲਗੀ ਉੱਗਦੀ ਹੈ।
ਚੁਪਾਸੇ ਡਰ, ਧੂੰਆਂ, ਅੰਧਕਾਰ, ਚੀਖਾਂ ਦਹਿਸ਼ਤੀ ਰਾਹ,
ਕਿ ਦਸਵੇਂ ਦੁਆਰ ਦੀ ਵੀ ਖੂਨ ਵਿਚ ਲਥਪਥ ਗਲੀ ਹੈ।
ਹਵਾ ਤੱਤੀ ਜ਼ਮਾਨੇ ਦੀ ਨੀ ਕੰਜਕੇ ਚੂਸ ਜੂਗੀ,
ਤੇਰੇ ਜੋ ਬੁੱਲ੍ਹਾਂ ਉੱਤੇ ਤ੍ਰੇਲ ਵਰਗੀ ਤਾਜ਼ਗੀ ਹੈ।
ਤੇਰੇ ਤੁਰ ਜਾਣ ਮਗਰੋਂ ਸਾਰਾ ਕੁਝ ਹੈ ਆਮ ਵਾਂਗਰ,
ਮੇਰੀ ਇਕ ਜਿੰਦ ਹੀ ਬਸ ਤੜਫਦੀ ਹੈ, ਲੁੱਛਦੀ ਹੈ।
ਨਹੀਂ ਜਦ ਰਖ ਸਕੇ ਧੀਆਂ ਨੂੰ ਘਰ ਵਿਚ ਬਾਦਸ਼ਾਹ ਵੀ,
ਗ਼ਜ਼ਲ ਮੇਰੀ ਵੀ ਸਰਹੱਦੀ ਛਪਣ ਨੂੰ ਜਾ ਰਹੀ ਹੈ।
No comments:
Post a Comment