Tuesday, 21 June 2011



                 ਜੜਾਂ ਤੋਂ ਸੁਰਖਰੂ ਕਰ ਕੇ


ਜੜਾਂ ਤੋਂ ਸੁਰਖਰੂ ਕਰ ਕੇ ਰੁੱਖ ਨੂੰ, ਸੰਗਲਾਂ ਨਾਲ ਖਲ੍ਹਾਰ ਰਹੇ ਨੇ।
ਉਹ ਕਿ ਜਿਹੜੇ ਖੁਦ ਸੱਭਿਆ ਨਈਂ,ਸੱਭਿਆਚਾਰ ਉਸਾਰ ਰਹੇ ਨੇ।

ਬਹੁਤ ਫਿਕਰ ਹੈ ਮੇਰੇ ਪਿੰਡ ਦਾ ਨਸ਼ਿਆਂ ਦੇ ਵਿਚ ਡੁੱਬ ਨਾ ਜਾਵੇ,
ਬੇਕਾਰਾਂ  ਲਈ  ਦਿੱਲੀ  ਵਾਲੇ  ਕਾਗਜੀ  ਕਿਸ਼ਤੀ ਤਾਰ ਰਹੇ  ਨੇ।

ਕੋਈ ਪੁੱਛੇ ਜੇ ਦਿਸ਼ਾ ਨਹੀਂ ਤਾਂ ਕਿਸ ਕੰਮ  ਹੈ  ਰਫਤਾਰ ਦੀ ਤੇਜੀ,
ਲੋੜ ਸੀ ਪਹਿਲਾਂ ਸੇਧ ਮਿਥਣ ਦੀ,ਪਹਿਲਾਂ ਮਿਥ ਰਫ਼ਤਾਰ ਰਹੇ ਨੇ।

ਜਦ ਮੇਰੀ ਸੀ ਤੁਰਨ ਦੀ ਸ਼ਕਤੀ, ਤਦ ਮੈਨੂੰ ਉਹ ਰਾਹ ਨਾ  ਲੱਭੇ,
ਥੱਕ  ਚੁੱਕਾਂ  ਤਾਂ   ਓਹੀ   ਰਸਤੇ   ਮੈਨੂੰ  ਵਾਜਾਂ ਮਾਰ ਰਹੇ  ਨੇ।

ਸੋਚਣ  ਨਾਲ  ਵਿਚਾਰ  ਉਪਜਦੇ, ਦੀਵੇ ਜਗਦੇ, ਸ਼ੇਅਰ ਉਪਜਦੇ,
ਸੋਚ ਵਿਚਾਰ  ਤਪੱਸਿਆ  ਮੇਰੀ, ਤਾਂਹੀ ਸੁੱਝ  ਵਿਚਾਰ  ਰਹੇ  ਨੇ।

ਤਰਕ  ਅਤੇ  ਮਜ਼ਹਬ  ਦੀ  ਯਾਰੀ  ਇੱਟ ਅਤੇ ਕੁੱਤੇ  ਦੇ ਵਾਂਗਰ,
ਬੱਚੇ  ਹੱਥ ਵਿਚ  ਲੈ  ਕੇ  ਪੱਥਰ ਕੁੱਤੇ  ਨੂੰ ਪੁਚਕਾਰ  ਰਹੇ  ਨੇ।

ਸ਼ੀਸ਼ੇ  ਨਿੱਤ  ਬਦਲਦੇ  ਰਹਿੰਦੇ,  ਮੇਰੇ ਕੋਲ  ਵੀ ਕਈ ਨੇ ਚਿਹਰੇ,
ਸ਼ੀਸ਼ਿਆਂ  ਨੇ ਕੀ ਸਮਝਣਾ  ਮੈਨੂੰ, ਐਵੇਂ ਲਿਸ਼ਕਾਂ  ਮਾਰ  ਰਹੇ  ਨੇ।

ਦ੍ਰਿਸ਼ਟੀ ਤਾਂ ਹਰ ਅੱਖ ਵਿਚ ਹੁੰਦੀ, ਦ੍ਰਿਸ਼ਟੀਕੋਣ ਕਿਸੇ ਵਿਚ ਹੁੰਦਾ,
ਦ੍ਰਿਸ਼ਟੀਕੋਣ ਕਦੇ ਨਾ ਵਿਕਦੇ, ਦ੍ਰਿਸ਼ਟੀ ਵਿੱਚ  ਵਪਾਰ  ਰਹੇ  ਨੇ।

ਇਕ ਸ਼ਾਇਰ ਦੇ ਐ ਸਰਹੱਦੀ ਸ਼ਾਇਰੀ ਨਾਲ ਨਜਾਇਜ਼ ਸਬੰਧ ਸਨ,
ਲਿਖਦਾ ਕੁਝ ਤੇ ਕਰਦਾ ਕੁਝ ਸੀ ਲੋਕੀਂ  ਮਿਹਣੇ ਮਾਰ ਰਹੇ ਨੇ।

No comments:

Post a Comment