ਮੈਂ ਅਪਣੀ ਉਮਰ
ਮੈਂ ਅਪਣੀ ਉਮਰ ਅਪਣੇ ਹੱਥੀਂ ਸੂਲੀ `ਤੇ ਚੜ੍ਹਾ ਆਇਆਂ
ਤੇ ਉਸਦੀ ਲਾਸ਼ ਉੱਤੇ ਜਿੰਦਗੀ ਦਾ ਪਹਿਰਾ ਲਾ ਆਇਆਂ
ਮੈਂ ਮੋਏ ਸ਼ਹਿਰ ਦੀ ਹਰ ਕਬਰ ਨੂੰ ਉੱਡਣਾ ਸਿਖਾ ਆਇਆਂ
ਕਿ ਹਰ ਇੱਕ ਬਸ਼ਰ ਮੱਥੇ ਖੰਭਾਂ ਦਾ ਟਿੱਕਾ ਲਗਾ ਆਇਆਂ
ਜਗਾਉਂਦਾ ਦੀਪ ਤਾਂ ਗੱਲ ਸੀ ਵਿਛਾਉਂਦਾ ਪਲਕਾਂ ਤਾਂ ਗੱਲ ਸੀ
ਮੈਂ ਅਪਣੇ ਬਲਦੇ ਹੱਥ ਹੀ ਓਸਦੇ ਰਾਹੀਂ ਵਿਛਾ ਆਇਆਂ
ਅਵਾਰਾ ਵਕਤ ਦੇ ਪਹੀਏ ਨੇ ਮੈਨੂੰ ਕੁਚਲ ਜਾਣਾ ਸੀ
ਮੈਂ ਉਸਦੇ ਸਾਰੇ ਰਾਹੀਂ ਅੱਗ ਦੇ ਦਰਿਆ ਵਗਾ ਆਇਆਂ
ਉਹ ਸੁੱਕੀ ਝੀਲ ਮੋਈਆਂ ਮੱਛੀਆਂ ਦੀ ਕਬਰਗਾਹ ਤਾਂ ਸੀ
ਮੈਂ ਪਾ ਕੇ ਖੈਰ ਹੰਝੂਆਂ ਦਾ ਉਹਨੂੰ ਸਾਗਰ ਬਣਾ ਆਇਆਂ
ਪਰੇ ਤਕ ਸੁੰਨ ਮਸੁੰਨੇ ਰਾਹ ਇਹ ਖੰਜਰ ਵਰਗਾ ਇਕਲਾਪਾ
ਮੈਂ ਏਨਾ ਡਰ ਗਿਆ ਕਿ ਨਜ਼ਰ ਚੋਂ ਦੂਰੀ ਮੁਕਾ ਆਇਆਂ
ਮੈਂ ਵਗਦੇ ਪਾਣੀਆਂ ਤੋਂ ਮੰਗਾਂ ਅਪਣੀ ਕਾਗਜੀ ਕਿਸ਼ਤੀ
ਬੜਾਂ ਹੀ ਨਫਰਤੀ ਹਾਂ ਲਹਿਰਾਂ ਨੂੰ ਦੋਸ਼ੀ ਬਣਾ ਆਇਆਂ
ਪਤਾ ਨਈਂ ਫੇਰ ਕਦ ਮਿਲਣਾ, ਕਿ ਮਿਲਣਾ ਵੀ ਕਿ ਨਈਂ ਮਿਲਣਾ
ਮੈਂ ਤੇਰੇ ਜਾਣ ਮਗਰੋਂ ਸਾਰੇ ਹੀ ਅੱਥਰੂ ਵਹਾ ਆਇਆਂ
ਹੁਣੇ ਤੱਕਣਾ ਕਿ ਕੱਕੀ ਰੇਤ ਨੂੰ ਚੁੰਮੇਗਾ ਉਠ ਦਰਿਆ
ਮੈਂ ਤਿੱਖੀ ਪਿਆਸ ਅਪਣੀ ਰੇਤ ਦੇ ਸੀਨੇ ਛੁਪਾ ਆਇਆਂ
ਪਤਾ ਨਈਂ ਫੇਰ ਕਦ ਮਿਲਣਾ, ਕਿ ਮਿਲਣਾ ਵੀ ਕਿ ਨਈਂ ਮਿਲਣਾ
ReplyDeleteਮੈਂ ਤੇਰੇ ਜਾਣ ਮਗਰੋਂ ਸਾਰੇ ਹੀ ਅੱਥਰੂ ਵਹਾ ਆਇਆਂ....ਵਾਹ ਗੁਰੂ ਜੀ
ਜਗਾਉਂਦਾ ਦੀਪ ਤਾਂ ਗੱਲ ਸੀ ਵਿਛਾਉਂਦਾ ਪਲਕਾਂ ਤਾਂ ਗੱਲ ਸੀ
ReplyDeleteਮੈਂ ਅਪਣੇ ਬਲਦੇ ਹੱਥ ਹੀ ਓਸਦੇ ਰਾਹੀਂ ਵਿਛਾ ਆਇਆਂ.......ਜਨਾਬ ਅੱਜ ਦੀਵਾਲੀ ਹੈ,ਮੁਬਾਰਕ