ਵਹੁਣ ਗਿਆ ਸੀ ਖੇਤ ਨੂੰ ਹਾਲੀ
ਵਹੁਣ ਗਿਆ ਸੀ ਖੇਤ ਨੂੰ ਹਾਲੀ, ਖੇਤ ਹੀ ਵਾਹ ਗਿਆ ਹਾਲੀ ਨੂੰ।
ਵਹੁਣ ਗਿਆ ਸੀ ਖੇਤ ਨੂੰ ਹਾਲੀ, ਖੇਤ ਹੀ ਵਾਹ ਗਿਆ ਹਾਲੀ ਨੂੰ।
ਕੱਤ ਗਿਆ ਵੇ ਚਰਖਾ ਸਾਈਂਆਂ, ਚਰਖਾ ਕੱਤਣ ਵਾਲੀ ਨੂੰ।
ਇਹ ਕਿੱਦਾਂ ਦਾ ਉਲਟ ਵਤੀਰਾ, ਬਾਗ ਹੀ ਖਾ ਗਿਆ ਮਾਲੀ ਨੂੰ,
ਸ਼ਹਿਰ ਦਾ ਨ੍ਹੇਰਾ ਵੇਚ ਰਿਹਾ ਹੈ, ਦੀਵੇ ਵੇਚਣ ਵਾਲੀ ਨੂੰ।
ਹਰ ਟੂਟੀ `ਤੇ ਪਹਿਰੇ ਪਾ ਕੇ ਕੋਕੇ, ਲਿਮਕੇ ਬੈਠੇ ਹਨ,
ਦੁੱਧ ਦੇ ਬਦਲੇ ਸ਼ਹਿਰ ਦਵੇ ਨਾ ਪਾਣੀ ਘੁੱਟ ਗਵਾਲੀ ਨੂੰ।
ਖੁਸ਼ਬੂ ਰੰਗ ਤੇ ਰੌਸ਼ਨੀਆਂ ਦੇ ਸੱਭੇ ਜਸ਼ਨ ਮਹੱਲਾਂ ਦੇ,
ਈਦ ਜਿਬ੍ਹਾ ਢੋਕਾਂ ਨੂੰ ਕਰਦੀ, ਬਲਦੇ ਲੋਕ ਦਿਵਾਲੀ ਨੂੰ।
ਮਰਦਾ ਮੌਸਮ ਬੁੱਸੀ `ਵਾ ਨੂੰ ਸ਼ਹਿਰ ਦਾ ਪਹਿਰਾ ਸੌਂਪ ਗਿਆ,
“ਤਾਜੇ ਬੁੱਲੇ ਗਲ ਨਾ ਲਾਇਓ” ਹੁਕਮ ਹੈ ਹਰ ਇਕ ਡਾਲੀ ਨੂੰ।
ਖਾਹਸ਼ਾਂ ਤੇ ਅਭਿਲਾਸ਼ਾਵਾਂ ਦਾ ਰੋਜ਼ ਸਿਕੰਦਰ ਚੜ੍ਹ ਆਵੇ,
ਘਰ ਤਾਂ ਵਸਤਾਂ ਨਾਲ ਭਰੇ ਹਨ, ਕੌਣ ਭਰੂ ਰੂਹ ਖਾਲੀ ਨੂੰ।
ਰੀਝ ਦੇ ਮੋਤੀ ਗੁੰਦਦੀ ਕੁੜੀਏ, ਜੋਬਨ ਉਮਰ ਗੁਆ ਲਈ ਤੂੰ,
ਦਾਜ ਦੇ ਸ਼ਿਕਰੇ ਚੂੰਢ ਗਏ ਨੇ ਚਾਦਰ ਚਿੜੀਆਂ ਵਾਲੀ ਨੂੰ।
ਵੀਹਵੀਂ ਸਦੀ ਨੂੰ ਸੰਨ ਸੰਤਾਲੀ ਹੁਣ ਤਕ ਛਿੱਬੀਆਂ ਦੇਂਦਾ ਹੈ,
ਇੱਕੀਵੀਂ ਸਦੀ ਚੋਂ ਮਨਫੀ ਰੱਖਣਾ ਖੂਨੀ ਸੰਨ ਸੰਤਾਲੀ ਨੂੰ।
ਸੁਰਮੇ ਵਾਲੀ ਅੱਖੀ ਕੋਲੋਂ ਇੱਕ ਹੰਝੂ ਨਾ ਪੀ ਹੋਇਆ,
ਸੁਰਮੇਦਾਨੀ ਦਾ ਇਕ ਹੰਝੂ ਪੀ ਗਿਆ ਸੁਰਮੇ ਵਾਲੀ ਨੂੰ।
ਚੱਲ “ਸਰਹੱਦੀ” ਚੱਲੀਏ ਏਥੋਂ ਸਾਂਭ ਲੈ ਅਪਣੇ ਰੰਗ ਖਿਲਰੇ,
ਪੀਲਾ ਮੌਸਮ ਨੋਚ ਲਵੇ ਨਾ ਤੇਰੀ ਅੱਖ ਦੀ ਲਾਲੀ ਨੂੰ।
No comments:
Post a Comment