ਉਹੀ ਪਾਂਡੇ, ਉਹੀ ਪੋਥੀ
ਉਹੀ ਪਾਂਡੇ, ਉਹੀ ਪੋਥੀ, ਉਹੀ ਠੱਗਣ ਦੇ ਮੰਤਰ ਨੇ।
ਨਹੀਂ ਕੁੱਝ ਬਦਲਿਆ ਰੂਹ ਤੋਂ, ਜੋ ਬਦਲੇ ਨੇ ਉਹ ਵਸਤਰ ਨੇ।
ਜ਼ਮਾਨਾ ਬਦਲਿਆ ਹੈ, ਬਦਲਿਆ ਰੰਗ ਲੋਕਤੰਤਰ ਨੇ,
ਘਟਾ ਕੇ ਰੋਲ ਲੋਕਾਂ ਦਾ ਵਧਾਇਆ ਰੋਲ ਖੰਜਰ ਨੇ।
ਪਵੇ ਜਦ ਮਾਰ ਪੱਥਰਾਂ ਨੂੰ, ਸ਼ਰਾਰੇ ਛਡਦੇ ਪੱਥਰ ਨੇ,
ਨਹੀਂ ਪਰ ਕੁਸਕਦੇ ਇਹ ਲੋਕ, ਇਹ ਕਿੱਦਾਂ ਦੇ ਪੱਥਰ ਨੇ?
ਕਿਵੇਂ ਹੋ ਸਕਦੈ ਕਿ ਨ੍ਹੇਰੇ ਦੀ ਅੱਖੋਂ ਖੂਨ ਨਾ ਟਪਕੇ,
ਜਦੋਂ ਕੁਕਨੂਸ ਬਣ ਕੇ ਸੱਚ ਦੇ ਬਲ਼ ਉਠਦੇ ਅੱਖਰ ਨੇ।
ਇਹ ਬੰਦਾ ਰਹਿਬਰੀ ਜਾਂ ਖੁਦਕੁਸ਼ੀ ਕੁਝ ਵੀ ਹੈ ਕਰ ਸਕਦਾ,
ਜ੍ਹਿਦੇ ਸੀਨੇ ਚ ਬਲਦੀ ਅੱਗ ਹੈ ਤੇ ਅੱਖੀਆਂ ਤਰ ਨੇ।
ਤਲੱਸਮੀ ਬਹੁਤ ਹੁੰਦੇ ਨੇ ਇਹ ਅੱਖਾਂ ਬਲਦੀਆਂ ਦੇ ਖਾਬ,
ਕਿਤੇ ਇਹ ਤਾਜ ਰੋਲਣਗੇ, ਕਿਤੇ ਇਹ ਬਲਦੇ ਅੱਖਰ ਨੇ।
ਉਰ੍ਹਾਂ ਤਕ ਫੈਲਦਾ ਅਉਂਦੈ ਮਕਾਨਾਂ ਦਾ ਘਣਾ ਜੰਗਲ,
ਸਲਾਮਤ ਰੱਖੀਂ ਮੌਲਾ ਜੋ ਬਚੇ ਬਸਤੀ ਚ ਕੁੱਝ ਘਰ ਨੇ।
ਨਦੀ, ਕਿ ਜਿਸਨੂੰ ਅਪਣੇ ਕੰਢੇ ਸੜਦੇ ਦਿਸਦੇ ਤਕ ਨਾ ਖੇਤ,
ਮਿਠਾਸ ਉਹਦੀ ਨੂੰ ਪੀ ਕੇ ਮਾਰਨਾ ਖਾਰੇ ਸਮੁੰਦਰ ਨੇ।
ਮੈਂ ਅਜ਼ਲਾਂ ਤੋਂ ਵੀ ਲੰਮੀ ਪਿਆਸ ਹਾਂ ਇਕ ਥਲ ਹਾਂ `ਸਰਹੱਦੀ`,
ਮੇਰੇ ਤਕ ਪਹੁੰਚ ਨਹੀਂ ਸਕਣਾ ਤੇਰੀ ਅੱਖ ਦੇ ਸਮੁੰਦਰ ਨੇ।
ਪਵੇ ਜਦ ਮਾਰ ਪੱਥਰਾਂ ਨੂੰ, ਸ਼ਰਾਰੇ ਛਡਦੇ ਪੱਥਰ ਨੇ,
ReplyDeleteਨਹੀਂ ਪਰ ਕੁਸਕਦੇ ਇਹ ਲੋਕ, ਇਹ ਕਿੱਦਾਂ ਦੇ ਪੱਥਰ ਨੇ?
ਕਿਆ ਬਾਤ ਹੈ !!