Saturday, 14 May 2011



          ਅਰਦਾਸਾਂ ਵਿੱਚ ਆਲ੍ਹਣੇ

ਅਰਦਾਸਾਂ   ਵਿੱਚ   ਆਲ੍ਹਣੇ,  ਮੋਢਿਆਂ  ਉੱਤੇ  ਜਾਲ।
ਧਰਮਪੁਰੇ   ਦੇ   ਚੌਧਰੀ ,  ਕਰਦੇ  ਬਹੁਤ   ਕਮਾਲ।

ਛੁਰੀਆਂ  ਕੱਢੀ  ਫਿਰ ਰਹੇ,  ਝਟਕਾ  ਅਤੇ   ਹਲਾਲ,
ਡਰ   ਕੇ  ਕਿਧਰੇ  ਦੌੜ   ਗਈ,  ਰੋਟੀ  ਉੱਤੋਂ  ਦਾਲ।

ਰਾਤ ਜੋ ਉੱਤਰੀ ਸ਼ਹਿਰ ਵਿਚ, ਦੀਵਿਆਂ ਦਾ ਲੈ ਥਾਲ,
ਮਗਰੇ  ਇਸਦੇ  ਯਾਰ  ਸਨ,  ਝੱਖੜ  ਜੋ  ਵਿਕਰਾਲ।

ਇੱਕ  ਪਲ  ਲੱਗੇ  ਇਸਤਰਾਂ,  ਮੁੱਠੀ ਵਿਚ ਤ੍ਰੈ-ਕਾਲ,
ਦੂਜੇ ਪਲ  ਇੰਝ  ਜਾਪਦਾ,  ਹੁਣ  ਵੀ  ਹੈ  ਨਈਂ  ਨਾਲ।

ਆਖਰ  ਕਿਹੜੀ  ਦੂਰ   ਸੀ,   ਅਮ੍ਰਿਤਸਰੋਂ  ਲਾਹੌਰ,
ਚੱਪਾ  ਕੁ  ਇਸ  ਵਿੱਥ  ਵਿਚ,  ਗਰਕੇ  ਕਿੰਨੇ  ਸਾਲ।

ਘੁੰਮਣਘੇਰ  ਨੂੰ  ਵਹਿਮ  ਹੈ, ਕਿ ਉਹ ਵਹਿਣ ਤੋਂ ਵੱਖ,
ਘੁੰਮਣਘੇਰ ਕਿ ਹੋਂਦ ਹੀ, ਜਿਸਦੀ  ਵਹਿਣ  ਦੇ  ਨਾਲ।

ਮੇਲ ਹੀ ਕੀ ਸੀ  ਦੋਂਹ  ਦਾ,  ਕਿੰਝ  ਹੁੰਦਾ  ਨਿਰਬਾਹ,
ਮੈ  ਵੀਣਾ  ਦੀ   ਵੇਦਨਾ,   ਉਹ   ਰੌਲਾ   ਖੜਤਾਲ।

ਰਾਤੀਂ  ਤੋੜੇ  ਟਾਹਣ  ਕਿਸ,  ਕੌਣ  ਸੀ   ਜੁੰਮੇ-ਸ਼ਾਹ,
ਰੁੱਖਾਂ   ਦੀ  ਛਿੱਲ  ਲੱਥਣੀ,  ਜਦ  ਹੋਈ  ਪੜਤਾਲ।

ਕੀ ਇਹ ਤੇਰੀ ਬਾਂਹ ਫੜੂ, ਵਕਤ ਜੋ ਆਪ ਅਪਾਹਜ,
ਖੁਦ  ਨੂੰ  ਹੀ  ਮਜ਼ਬੂਤ  ਕਰ, ਖੁਦ  ਹੀ ਰੱਖ ਨਾਲ।

1 comment:

  1. ਗਜ਼ਲ ਦੇ ਨਾਲ ਨਾਲ ਗੈਰ-ਮਨੁੱਖੀ ਵਰਤਾਰੇ ਦੀ ਵਿਆਖਿਆ

    ReplyDelete