Monday, 30 May 2011



               ਤਿਤਲੀ ਦੋਸਤੀ ਦੀ

ਜੇ ਤਿਤਲੀ  ਦੋਸਤੀ ਦੀ  ਮਰ  ਗਈ ਤਾਂ  ਫੇਰ ਨਾ  ਕਹਿਣਾ।
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ  ਨਾ  ਕਹਿਣਾ।

ਬਦਲਦੇ  ਨੇ  ਜਦੋਂ  ਅਹਿਸਾਸ,  ਮੌਸਮ  ਬਦਲ   ਜਾਂਦੇ  ਨੇ,
ਜੇ ਬਲ ਪਈ ਚਾਨਣੀ, ਧੁੱਪ ਠਰ ਗਈ ਤਾਂ ਫੇਰ ਨਾ ਕਹਿਣਾ।

ਮੈਂ ਸਾਰੇ ਰੰਜ  ਦੇ ਅੰਗਿਆਰ ਦਿਲ ਵਿਚ  ਦੱਬ ਆਇਆ ਹਾਂ,
ਹਵਾ  ਜੇ ਕੋਈ  ਕਾਰਾ  ਕਰ  ਗਈ  ਤਾਂ  ਫੇਰ  ਨਾ  ਕਹਿਣਾ।

ਤੂੰ  ਅਪਣੀ  ਜਿੱਤ  ਦੇ  ਹਰ  ਹਾਰ  ਵਿਚ  ਮੈਨੂੰ  ਪਰੋਨਾ ਏਂ,
ਇਵੇਂ ਜੇ  ਮੇਰੀ  ਖੁਸ਼ਬੂ  ਮਰ  ਗਈ  ਤਾਂ  ਫੇਰ  ਨਾ  ਕਹਿਣਾ।

ਸਦਾ  ਇਸ  ਦਿਲ ਤੇ ਖੰਜਰ ਲਉਣ ਦੀ ਤੇਰੀ ਜੋ ਆਦਤ ਹੈ,
ਮੇਰਾ ਜੇ ਦਿਲ ਹੀ  ਪੱਥਰ ਕਰ  ਗਈ ਤਾਂ  ਫੇਰ ਨਾ ਕਹਿਣਾ।

ਮੈ  ਤੇਰੇ  ਸਾਹਮਣੇ  ਤਾਂ  ਅਪਣੇ  ਦਿਲ  ਨੂੰ  ਮਾਰ  ਕੇ ਆਊਂ,
ਪਰੰਤੂ  ਦਰਦ  ਅੱਖੀਂ  ਤਰ  ਗਈ  ਤਾਂ  ਫੇਰ  ਨਾ  ਕਹਿਣਾ।

ਤੂੰ  ਅਪਣੇ  ਸੁਪਨਿਆਂ  ਨੂੰ  ਜੀਂਦਿਆਂ  ਹੀ  ਮਾਰ  ਕੇ  ਰਖਨੈਂ,
ਜੇ ਇਕ ਦਿਨ ਨੀਂਦ ਤੇਰੀ ਮਰ ਗਈ ਤਾਂ  ਫੇਰ  ਨਾ  ਕਹਿਣਾ।

ਜਿਹਨੇ ਗੀਤਾਂ ਦੀ  ਖਾਤਰ  ਹੀ  ਕਰਾਏ  ਛੇਕ  ਛਾਤੀ  ਵਿਚ,
ਉਹ ਵੰਝਲੀ ਚੁੱਪ  ਰਹਿਣਾ ਜਰ  ਗਈ ਤਾਂ ਫੇਰ ਨਾ ਕਹਿਣਾ।

ਅਜੇ  ਵੀ  ਵਕਤ  ਹੈ  ਤੂੰ ਅਪਣੇ  ਘਰ  ਦੀ  ਛੱਤ  ਉੱਤੇ ਆ,
ਸਿਆਲੀ ਧੁੱਪ  ਹੈ  ਜੇ  ਮਰ  ਗਈ  ਤਾਂ  ਫੇਰ  ਨਾ  ਕਹਿਣਾ।

1 comment:

  1. ... ਸਾਦਗੀ ਅਤੇ ਸੁਹਜ ਨਾਲ਼ ਭਰਪੂਰ ਖੂਬਸੂਰਤ ਗ਼ਜ਼ਲ

    ReplyDelete