ਦਿਲਾਵਰ ਰੋਣਗੇ ਚੋਰੀਂ
ਦਿਲਾਵਰ ਰੋਣਗੇ ਚੋਰੀਂ ਮੇਰੇ ਜਿਹਿਆਂ ਜਾਹਰਿਆਂ ਰੋਣੈ।
ਵਦੇਸ਼ੀਂ ਤੋਰ ਕੇ ਪੁੱਤਰ ਪਿਓਵਾਂ ਸਾਰਿਆਂ ਰੋਣੈ।
ਜਿਨ੍ਹਾਂ ਦੇ ਗਰਕਣੇ ਬੇੜੇ, ਮਲਾਹਾਂ ਸਾਰਿਆਂ ਰੋਣੈ,
ਮੇਰਾ ਜਦ ਡੁੱਬਿਆ ਸੂਰਜ ਨਦੀ ਦੇ ਧਾਰਿਆਂ ਰੋਣੈ।
ਤੇਰੇ ਤੁਰ ਜਾਣ ਦੇ ਮਗਰੋਂ ਅਸੀਂ ਕੱਲਿਆਂ ਨਹੀਂ ਰੋਣਾ,
ਸਵੇਰੇ ਰੋਵੇਗੀ ਸ਼ਬਨਮ ਤੇ ਰਾਤੀਂ ਤਾਰਿਆਂ ਰੋਣੈ।
ਵਚਿੱਤਰ ਹੈ ਤੂੰ ਜਦ ਤੁਰਿਓਂ ਤਾਂ ਤੇਰੇ ਰੋਏ ਦੁਸ਼ਮਣ ਵੀ,
ਅਸਾਂ ਤਾਂ ਸੋਚਿਆ ਸੀ ਤੇਰਿਆਂ ਬਸ ਪਿਆਰਿਆਂ ਰੋਣੈ।
ਮੈਂ ਬਹਿ ਕੇ ਯਾਰਾਂ ਦੀ ਮਹਿਫ਼ਲ ਚ ਰੋਵਾਂਗਾ ਬੜਾ ਹਸ ਹਸ,
ਤੂੰ ਲਾ ਕੇ ਪੱਜ ਧੂੰਏਂ ਦਾ ਤੇ ਓਹਲੇ ਹਾਰਿਆਂ ਰੋਣੈ।
ਝੜੀ ਜਦ ਸਉਣ ਦੀ ਲੱਗੀ, ਚੁਬਾਰੇ ਬਹੁਤ ਹੱਸਣਗੇ,
ਜਿਨ੍ਹਾਂ ਦੇ ਚੁੱਲ੍ਹੇ ਨਾ ਚੌਂਕੇ ਉਹਨਾਂ ਹੀ ਢਾਰਿਆਂ ਰੋਣੈ।
ਸ਼ਹੀਦਾਂ ਸਾਬਤੇ ਰਹਿਣਾ ਹਜਾਰਾਂ ਚੀਰ ਖਾ ਕੇ ਵੀ,
ਲਹੂ ਦੇ ਅਸ਼ਕ ਕੇਰਨਗੇ ਤੇਰੇ ਹੀ ਆਰਿਆਂ ਰੋਣੈ।
ਬੜਾ ਅੱਯਾਸ਼ ਹੈ ਮੌਸਮ ਕਰੂ ਖਿਲਵਾੜ ਰੁੱਤਾਂ ਨਾਲ,
ਕਿ ਪੋਹ ਦੇ ਤਪਦਿਆਂ ਤੇ ਹਾੜ੍ਹ ਹੱਥੋਂ ਠਾਰਿਆਂ ਰੋਣੈ।
ਸਬੂਤੇ ਇਸ਼ਕ ਖਾਤਰ ਹੋਸ਼ ਵੀ ਜਜ਼ਬਾ ਲਾਜ਼ਮ ਹੈ,
ਮੈਂ ਰੋਨਾਂ ਰਾਂਝੇ ਦਾ ਮਾਰਾ ਤੂੰ ਮਿਰਜੇ ਮਾਰਿਆਂ ਰੋਣੈ।