ਸਿਖਰ ਦੁਪਹਿਰਾ
ਸਿਖਰ ਦੁਪਹਿਰਾ ਥਲ ਦਾ ਪੈਂਡਾ ਚਲ ਕਰੀਏ ਅਰਦਾਸ।
ਸ਼ਾਮ ਦੇ ਨਖਲਿਸਤਾਨ ਤੋਂ ਪਹਿਲਾਂ ਮਰ ਨਾ ਜਾਏ ਪਿਆਸ।
ਆਪੋ ਅਪਣੀ ਚਾਹ ਹੁੰਦੀ ਹੈ ਅਪਣੀ ਰੀਝ ਪਸੰਦ,
ਮੈਂ ਜਿੰਨ੍ਹਾਂ ਨੂੰ ਆਮ ਸਮਝਨਾਂ ਲੋਕੀਂ ਸਮਝਣ ਖਾਸ।
ਬੇਘਰ ਹੋਏ ਲੋਕ ਹੀ ਜਾਨਣ ਅਪਣੇ ਘਰਾਂ ਦਾ ਮੁੱਲ,
ਬੇਘਰ ਹੋਏ ਲੋਕ ਹੀ ਜਾਨਣ ਅਪਣੇ ਘਰਾਂ ਦਾ ਮੁੱਲ,
ਵਤਨ ਦਾ ਮੁੱਲ ਉਹਨਾਂ ਤੋਂ ਪੁੱਛੋ ਜੋ ਕਰ ਗਏ ਪਰਵਾਸ।
ਬਸ਼ਰ ਗਰੀਬ ਨੂੰ ਸਭ ਤੋਂ ਵੱਡਾ ਮਿਲਦਾ ਲਕਬ ਸ਼ਰੀਫ,
ਜਦ ਤਕ ਬਸ਼ਰ ਗਰੀਬ ਹੈ ਤਦ ਤਕ ਬਣ ਨਾ ਸਕਦਾ ਖਾਸ।
ਮੈਂ ਪੁੱਛਿਆ ਜਦ ਬਸਤੀ ਬਾਰੇ ਆਖਿਆ ਇੰਝ ਫ਼ਕੀਰ,
“ ਬੰਦੇ ਵਿੱਚੋਂ ਮਿਲ ਚੁੱਕਾ ਹੈ ਬੰਦੇ ਨੂੰ ਬਨਬਾਸ । ”
ਮੇਰੇ ਕੋਲ ਨੇ ਤਿੰਨ ਸੁਗਾਤਾਂ ਦਰਦ, ਵਫਾ, ਈਮਾਨ,
ਰੱਬਾ, ਕਾਹਦਾ ਰੱਬ ਹੈ ਤੂੰ, ਦਸ ਕੀ ਹੈ ਤੇਰੇ ਪਾਸ ?
ਘੁੱਗੀ ਦੀ ਅੱਖ ਵਿੱਚ ਸਦੀਵੀ ਵਸ ਚੁੱਕਾ ਹੈ ਬਾਜ਼,
ਸੁਪਨੇ ਵਿਚ ਵੀ ਸੌਣ ਨਾ ਦੇਵੇ ਮੌਤ ਦਾ ਖੌਫ-ਤ੍ਰਾਸ।
ਸੁਕ ਚੁੱਕੀ ਇਸ ਨਦੀ ਦੀ ਰੇਤਾ ਬਣ ਜਾਣੀ ਜਲ-ਧਾਰ,
ਅਪਣੀ ਆਸ ਨੂੰ ਸਾਂਭ ਕੇ ਰਖ ਤੂੰ, ਸਾਂਭ ਕੇ ਰੱਖ ਪਿਆਸ।
ਕਾਹਨੂੰ ਕੁਟਨੈਂ ਤੂੰ ਸਰਹੱਦੀ ਸ਼ਬਦਾਂ ਦੀ ਮਿਰਦੰਗ,
ਸ਼ਬਦਾਂ ਵਿੱਚੋਂ ਕਰ ਚੁੱਕੇ ਨੇ ਅਰਥ ਹੀ ਜਦ ਪਰਵਾਸ।